ਦਲ ਖ਼ਾਲਸਾ, ਕਿਹਾ ਕੇਂਦਰ ਸਰਕਾਰ ਜਿੰਮੇਵਾਰੀ ਕਬੂਲ ਕੇ ਗਲਤੀ ਮੰਨੇ
ਬਠਿੰਡਾ
ਖੇਤੀ ਵਿਰੁੱਧ ਜਬਰੀ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ’ਚ ਲੱਗੇ ਮੋਰਚੇ ਦੌਰਾਨ ਜੋ ਕੀਮਤੀ ਮਨੁੱਖੀ ਜਾਨਾਂ ਜਾ ਰਹੀਆਂ ਨੇ ਉਸ ਲਈ ਮੋਦੀ ਗਰੁੱਪ ਜਿੰਮੇਵਾਰ ਹੈ, ਜਿਸ ਦੀ ਉਹ ਜਿੰਮੇਵਾਰੀ ਕਬੂਲ ਕਰਕੇ ਤੁਰੰਤ ਗਲਤੀ ਮੰਨੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖ਼ਾਲਸਾ ਦੇ ਆਗੂਆਂ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ, ਉਹਨਾਂ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਤੁਰੰਤ ਰੱਦ ਕਰਨ ਲਈ ਵੀ ਕਿਹਾ।
ਪ੍ਰੈਸ ਬਿਆਨ ਜਾਰੀ ਕਰਦਿਆ ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ੍ਹਾ ਕਾਰਜਕਾਰੀ ਪ੍ਰਧਾਨ ਭਾਈ ਜੀਵਨ ਸਿੰਘ ਗਿੱਲ ਕਲਾਂ ਨੇ ਕਿਹਾ ਕਿ ਬੀਤੇ 16 ਦਸੰਬਰ ਨੂੰ ਬਾਬਾ ਰਾਮ ਸਿੰਘ ਜੀ ਸਿੰਗੜੇ ਨੇ ਕਿਸਾਨੀ ਮੌਰਚੇ ਦੌਰਾਨ ਕੇਂਦਰ ਹਕੂਮਤ ਦੀ ਧੱਕੇਸਾਹੀ ਤੋਂ ਪ੍ਰੇਸ਼ਾਨ ਹੁੰਦਿਆ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਬਲੀਦਾਨ ਦਿੱਤਾ, ਇਸ ਤੋਂ ਇਲਾਵਾ ਕਈ ਨੌਜਵਾਨਾਂ ਸਮੇਤ ਹੋਰ ਕਿਸਾਨ ਮੌਰਚੇ ’ਚ ਸ਼ਾਮਲ ਹੁੰਦਿਆਂ ਸੜ੍ਹਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਸਦਾ ਲਈ ਵਿਛੜ ਗਏ, ਇਹਨਾਂ ਸਭ ਦੀਆਂ ਹੋਈਆਂ ਬੇਵਕਤੀ ਮੌਤਾਂ ਲਈ ਮੋਦੀ ਤੇ ਇਸ ਦੇ ਆਕਾ ਜਿੰਮੇਵਾਰ ਹਨ, ਜਿਹਨਾਂ ’ਚ ਜੇ ਕੋਈ ਥੋੜੀ ਜਿਹੀ ਵੀ ਗੈਰਤ ਬਾਕੀ ਹੈ ਤਾਂ ਤੁਰੰਤ ਇਹਨਾਂ ਮੌਤਾਂ ਦੀ ਜਿੰਮੇਵਾਰੀ ਕਬੂਲ ਕਰਦਿਆ ਗਲਤੀ ਮੰਨਣ। ਇਹਨਾਂ ਮੌਤਾਂ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਹਮੇਸ਼ਾ ਪੰਜਾਬ ਦੇ ਖ਼ੂਨ ਦੀ ਪਿਆਸੀ ਰਹੀ ਹੈ, ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਇੱਕ ਸਿੱਖ ਪ੍ਰਚਾਰਕ ਦੀ ਕੁਰਬਾਨੀ ਨੂੰ ਅੰਜਾਈ ਨਹੀਂ ਜਾਣ ਦੇਵਾਂਗੇ। ਉਹਨਾਂ ਇਹ ਵੀ ਕਿਹਾ ਕਿ ਜਿਸ ਅਖੌਤੀ ਲੋਕਤੰਤਰ ਦੇ ਨਾਂਅ ’ਤੇ ਲੋਕਾਂ ਨੂੰ ਪਿਛਲੇ 70-72 ਸਾਲ ਤੋਂ ਮੂਰਖ਼ ਬਣਾਇਆ ਜਾ ਰਿਹਾ ਹੈ ਕਿ ਲੋਕਤੰਤਰ ਲੋਕਾਂ ਦਾ, ਲੋਕਾਂ ਲਈ ਤੰਤਰ ਹੈ ਪਰ ਹੁਣ ਇਸ ਅਖ਼ੌਤੀ ਲੋਕਤੰਤਰ ਦਾ ਮੌਖੱਟਾ ਲਹਿ ਗਿਆ ਹੈ ਕਿਉਂਕਿ ਦੇਸ ਭਰ ਦੇ ਲੋਕ ਇਕ ਪਾਸੇ ਹਨ ਤੇ ਇਹਨਾਂ ਤੋਂ ਉਲਟ ਜਬਰੀ ਕਾਨੂੰਨ ਪਾਸ ਕਰਕੇ ਵਾਪਸ ਨਾ ਲੈਣ ਲਈ ਮੋਦੀ ਹਕੂਮਤ ਇਕ ਪਾਸੇ ਹੈ, ਉਹਨਾਂ ਕਿਹਾ ਕਿ ਹਕੂਮਤ ’ਤੇ ਕਾਬਜ ਲੋਕਾਂ ਨੇ ਦੇਸ ਨੂੰ ਅਬਾਨੀ, ਅਡਾਨੀ ਤੇ ਹੋਰ ਕਾਰਪੋਰੇਟ ਘਰਾਣਿਆਂ ਕੋਲ ਵੇਚ ਦਿੱਤਾ ਹੈ। ਉਹਨਾਂ ਸਾਰੇ ਮਰਹੂਮ ਕਿਸਾਨਾਂ, ਨੌਜਵਾਨਾਂ ਨੂੰ ਸਰਧਾਂਜਲੀ ਭੇਂਟ ਕਰਦਿਆ ਕਿਹਾ ਕਿ ਇਹ ਹੋਣਹਾਰ ਨੌਜਵਾਨਾਂ ਤੇ ਕਿਸਾਨਾਂ ਦੀ ਮੌਤਾਂ ਇਸ ਹਕੂਮਤ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਣਗੀਆਂ।

Post a Comment