ਦੋਸੀ ਮੋਦੀ, ਸ਼ਾਹ, ਅਡਾਨੀ, ਅਬਾਨੀ ਵਿਰੁੱਧ ਹੋਣ ਮੁਕੱਦਮੇ ਦਰਜ਼-ਦਲ ਖ਼ਾਲਸਾ
ਬਠਿੰਡਾ
ਦਲ ਖ਼ਾਲਸਾ ਤੇ ਵਕੀਲਾਂ ਦੇ ਇੱਕ ਪ੍ਰਤੀਨਿਧਾਂ ਵੱਲੋਂ ਅੱਜ ਭਾਰਤ ਦੀ ਸੁਪਰੀਮ ਕੋਰਟ, ਰਾਸ਼ਟਰਪਤੀ, ਦਿੱਲੀ ਮੁੱਖ ਮੰਤਰੀ, ਪੰਜਾਬ ਮੁੱਖ ਮੰਤਰੀ ਦੇ ਨਾਂਅ ਜਿਲ੍ਹਾ ਪ੍ਰਸ਼ਾਸਨ ਰਾਹੀ ਭੇਜੇ ਮੰਗ ਪੱਤਰ ’ਚ ਕਿਹਾ ਕਿ ਦਿੱਲੀ ਮੋਰਚੇ ’ਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੇ ਹੋਰ ਮੌਤਾਂ ਲਈ ਜਿੰਮੇਵਾਰ ਦੋਸ਼ੀਆਂ ਵਿਰੁੱਧ ਮੁਕੱਦਮੇ ਦਰਜ਼ ਕੀਤੇ ਜਾਣ।
ਬਠਿੰਡਾ ਜਿਲ੍ਹੇ ਪ੍ਰਸ਼ਾਸਨ ਰਾਹੀ ਭੇਜੇ ਗਏ ਮੰਗ ਪੱਤਰ ’ਚ ਕਿਹਾ ਗਿਆ ਕਿ ਬੀਤੇ 26 ਨਵੰਬਰ 2020 ਤੋਂ ਦਿੱਲੀ ਵਿੱਚ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਕਿਸਾਨਾਂ ਵੱਲੋਂ ਇੱਕ ਜਬਰਦਸਤ ਪਰ ਸ਼ਾਂਤਮਈ ਲੋਕਤੰਤਰਕ ਢੰਗ ਨਾਲ ਮੋਰਚਾ ਲਾਇਆ ਹੋਇਆ ਹੈ, ਪਰ ਅਫ਼ਸੋਸ ਹੈ ਕਿ ਤਾਨਾਸ਼ਾਹੀ ਮੋਦੀ ਹਕੂਮਤ ਵੱਲੋਂ ਲੋਕਾਂ ਦੇ ਸਾਰੇ ਸਾਧਨ ਲੁੱਟਣ ਲਈ ਬਣਾਏ ਗਏ ਕਾਲੇ ਕਾਨੂੰਨਾਂ ਤੋਂ ਨਿਰਾਸ਼ ਤੇ ਹਤਾਸ ਕੁਝ ਕਿਸਾਨਾਂ ਨੇ ਦੁਖੀ ਹੋ ਕੇ ਆਤਮ ਹੱਤਿਆ ਕੀਤੀ ਹੈ, ਕੁਝ ਕੁ ਮਿ੍ਰਤਕ ਕਿਸਾਨਾਂ ਨੇ ਤਾਂ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਸਾਫ਼ ਸਾਫ਼ ਮੋਦੀ ਸਰਕਾਰ ਤੇ ਇਸ ਦੇ ਹੋਰ ਆਕਿਆਂ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ। ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਸੁਰਿੰਦਰ ਸਿੰਘ ਨਥਾਣਾ, ਭਗਵਾਨ ਸਿੰਘ ਸੰਧੂ ਖੁਰਦ ਨੇ ਕਿਹਾ ਕਿ ਇਹ ਸੱਚ ਹੈ ਕਿ ਮੋਰਚੇ ’ਤੇ ਜਿਹੜੀਆਂ ਵੀ ਖ਼ੁਦਕੁਸ਼ੀਆਂ ਹੋਈਆਂ ਹਨ ਉਸ ਲਈ ਸਿੱਧੇ ਤੌਰ ’ਤੇ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਮੈਂਬਰ ਅਮਿੱਤ ਸ਼ਾਹ, ਜਿਸ ਨੂੰ ਦੇਸ ਵੇਚਿਆ ਜਾ ਰਿਹਾ ਹੈ ਅਡਾਨੀ, ਅਬਾਨੀ ਆਦਿ ਜਿੰਮੇਵਾਰ ਹਨ, ਇਸ ਤੋਂ ਇਲਾਵਾ ਕੁਝ ਹੋਰ ਮੌਤਾਂ ਮੋਰਚੇ ’ਤੇ ਦਿਲ ਦਾ ਦੌਰਾ ਪੈਣ ਕਾਰਣ ਹੋਈਆਂ ਹਨ, ਕੁਝ ਮੌਤਾਂ ਮੋਰਚਿਆਂ ਤੋਂ ਮੁੜਦੇ ਜਾਂ ਮੋਰਚਿਆਂ ’ਤੇ ਜਾਂਦੇ ਕਿਸਾਨਾਂ ਦੀਆਂ ਸੜ੍ਹਕ ਹਾਦਸਿਆਂ ’ਚ ਜਾਨਾਂ ਚਲੀਆਂ ਗਈਆਂ, ਬਿਨਾਂ ਕਿਸੇ ਸ਼ੱਕ ਇਸ ਲਈ ਵੀ ਉਕਤ ‘ਵਿਸ਼ੇਸ਼ ਵਿਅਕਤੀ’ ਜਿੰਮੇਵਾਰ ਹਨ, ਜਿਹਨਾਂ ’ਤੇ ਕਿਸਾਨਾਂ ਨੂੰ ਮਰਨ ਲਈ ਮਜਬੂਰ ਕਰਨ ਅਤੇ ਉਹਨਾਂ ਦੀਆਂ ਜਾਨਾਂ ਚਲੀਆਂ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਮੈਂਬਰ ਅਮਿੱਤ ਸ਼ਾਹ, ਅਡਾਨੀ ਤੇ ਅਬਾਨੀ ਵਿਰੁੱਧ ਬਕਾਇਦਾ ਵਾਏ ਨੇਮ ਮੁਕੱਦਮੇ ਦਰਜ ਕਰਕੇ ਭਾਰਤੀ ਕਾਨੂੰਨ ਤਹਿਤ ਬਣਦੀ ਸਜ਼ਾ ਦਿੱਤੀ ਜਾਵੇ। ਇਸ ਮੌਕੇ ਸਿੱਖ ਯੂਥ ਆਫ਼ ਪੰਜਾਬ ਦੇ ਹਰਪ੍ਰੀਤ ਸਿੰਘ ਬਠਿੰਡਾ, ਸੁਖਦੀਪ ਸਿੰਘ ਪਿਪਲੀ, ਭਾਈ ਜੀਵਨ ਸਿੰਘ ਗਿੱਲਕਲਾਂ, ਬਜ਼ੁਰਗ ਆਗੂ ਤੇਜਾ ਸਿੰਘ, ਵਕੀਲ ਜੀਵਨਜੋਤ ਸਿੰਘ ਸੇਠੀ, ਐਡਵੋਕੇਟ ਅਰਸ਼ਦੀਪ ਸ਼ਰਮਾ, ਹਰਜੀਤ ਸਿੰਘ, ਰੋਹਿਤ ਸ਼ਰਮਾ, ਰਣਜੋਧ ਸ਼ਰਮਾ ਸਾਰੇ ਵਕੀਲ, ਸਿੰਦਰ ਸਿੰਘ, ਰਵਿੰਦਰ ਸਿੰਘ, ਚਰਨਪ੍ਰੀਤ ਸਿੰਘ, ਬਲਕਾਰ ਸਿੰਘ ਆਦਿ ਅਨੇਕਾਂ ਵਰਕਰ ਤੇ ਆਗੂ ਸ਼ਾਮਲ ਸਨ।
ਕੈਪਸ਼ਨ- ਬਠਿੰਡਾ ’ਚ ਦਲ ਖ਼ਾਲਸਾ ਤੇ ਵਕੀਲਾਂ ਦਾ ਪ੍ਰਤੀਨਿਧ ਦਿੱਲੀ ਕਿਸਾਨ ਮੋਰਚੇ ’ਤੇ ਮੌਤਾਂ ਲਈ ਜਿੰਮੇਵਾਰ ਦੋਸੀਆਂ ਵਿਰੁੱਧ ਮੁਕੱਦਮੇ ਦਰਜ਼ ਕਰਨ ਦੀ ਮੰਗ ਕਰਦੇ ਹੋਏ।

Post a Comment